ਉੱਘੇ ਵਕੀਲ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਦੇਹਾਂਤ

Spread the love

ਨਵੀਂ ਦਿੱਲੀ : ਸੀਨੀਅਰ ਵਕੀਲ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਬੇਹੱਦ ਗੁੰਝਲਦਾਰ ਅਪਰਾਧਕ ਕੇਸ ਲੜੇ। ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਹੱਤਿਆ ਮਾਮਲਿਆਂ ਵਿਚ ਦੋਸ਼ੀਆਂ ਦਾ ਬਚਾਅ ਵੀ ਕੀਤਾ। ਜੇਠਮਲਾਨੀ ਨੇ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਸਵੇਰੇ ਪੌਣੇ ਅੱਠ ਵਜੇ ਆਖ਼ਰੀ ਸਾਹ ਲਿਆ।
ਉਨ੍ਹਾਂ ਦੇ ਪੁੱਤਰ ਮਹੇਸ਼ ਜੇਠਮਲਾਨੀ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। 14 ਸਤੰਬਰ ਨੂੰ ਰਾਮ ਜੇਠਮਲਾਨੀ ਦਾ ਜਨਮ ਦਿਨ ਹੈ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਲੋਧੀ ਰੋਡ ਸ਼ਮਸ਼ਾਨਘਾਟ ‘ਚ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਸਾਬਕਾ ਕੇਂਦਰੀ ਮੰਤਰੀ ਦੇ ਪਰਿਵਾਰ ਵਿਚ ਪੁੱਤਰ ਤੋਂ ਇਲਾਵਾ ਧੀ ਹੈ ਜੋ ਕਿ ਅਮਰੀਕਾ ਰਹਿੰਦੀ ਹੈ।
ਉਨ੍ਹਾਂ ਦੀ ਇਕ ਹੋਰ ਧੀ ਰਾਣੀ ਜੇਠਮਲਾਨੀ ਦਾ 2011 ਵਿਚ ਦੇਹਾਂਤ ਹੋ ਗਿਆ ਸੀ। ਇਕ ਹੋਰ ਬੇਟੇ ਜਨਕ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ। ਜੇਠਮਲਾਨੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਕਾਨੂੰਨ ਤੇ ਸ਼ਹਿਰੀ ਵਿਕਾਸ ਮੰਤਰੀ ਸਨ। ਇਸ ਤੋਂ ਬਾਅਦ ਉਹ 2004 ਦੀਆਂ ਲੋਕ ਸਭਾ ਚੋਣਾਂ ‘ਚ ਲਖ਼ਨਊ ਸੀਟ ਤੋਂ ਉਨ੍ਹਾਂ ਖ਼ਿਲਾਫ਼ ਹੀ ਚੋਣ ਲੜੇ।
ਜੇਠਮਲਾਨੀ 2010 ਵਿਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਸਿੰਧ ਸੂਬੇ (ਹੁਣ ਪਾਕਿਸਤਾਨ) ਦੇ ਸ਼ਿਕਾਰਪੁਰ ਵਿਚ 1923 ‘ਚ ਜਨਮੇ ਜੇਠਮਲਾਨੀ ਨੇ 17 ਸਾਲ ਦੀ ਉਮਰ ਵਿਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਵਕੀਲ ਦੇ ਤੌਰ ‘ਤੇ ਉਨ੍ਹਾਂ ਨੂੰ ਮਕਬੂਲੀਅਤ ਕੇ. ਐਮ. ਨਾਨਾਵਤੀ ਕੇਸ ਵਿਚ ਹਾਸਲ ਹੋਈ।
ਜੈਸਿਕਾ ਲਾਲ ਹੱਤਿਆ ਕੇਸ ਵਿਚ ਉਨ੍ਹਾਂ ਕਾਂਗਰਸ ਦੇ ਰਸੂਖ਼ਵਾਨ ਆਗੂ ਦੇ ਬੇਟੇ ਮਨੂ ਸ਼ਰਮਾ ਦੇ ਵਕੀਲ ਵਜੋਂ ਉਸ ਦਾ ਕੇਸ ਲੜਿਆ। ਉਹ ਸੋਹਰਾਬੂਦੀਨ ਕੇਸ ਵਿਚ ਅਮਿਤ ਸ਼ਾਹ ਦੇ ਵਕੀਲ ਵੀ ਰਹੇ। ਉਨ੍ਹਾਂ ਕਨੀਮੋੜੀ, ਲਾਲੂ ਪ੍ਰਸਾਦ ਯਾਦਵ ਤੇ ਜੈਲਲਿਤਾ ਦੇ ਕੇਸ ਵੀ ਲੜੇ।
ਇਸ ਤੋਂ ਇਲਾਵਾ ਕਈ ਵੱਡੇ ਕਾਰੋਬਾਰੀਆਂ ਦੇ ਕੇਸ ਵੀ ਜੇਠਮਲਾਨੀ ਲੜਦੇ ਰਹੇ। ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਹੋਰਾਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਦੁੱਖ ਪ੍ਰਗਟਾਇਆ: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਜੇਠਮਲਾਨੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਨੂੰ ‘ਸ਼ਾਨਦਾਰ ਸੰਸਦ ਮੈਂਬਰ’ ਤੇ ‘ਅਪਰਾਧਕ ਕਾਨੂੰਨ ਦਾ ਮਾਹਿਰ’ ਕਰਾਰ ਦਿੱਤਾ। ਬਾਰ ਨੇ ਕਿਹਾ ਕਿ ਉਹ ਅਸਲ ਵਿਚ ਧਨੰਤਰ ਸਨ ਤੇ ਵਿਲੱਖਣ ਮੁਹਾਰਤ ਰੱਖਦੇ ਸਨ।
ਵੱਖ-ਵੱਖ ਆਗੂਆਂ ਨੇ ਜੇਠਮਲਾਨੀ ਨੂੰ ਹਿੰਮਤੀ ਤੇ ਲੋਕ ਪੱਖੀ ਦੱਸਿਆ
ਰਾਮ ਜੇਠਮਲਾਨੀ ਦੇ ਦੇਹਾਂਤ ਦੀ ਸੂਚਨਾ ਮਿਲਦਿਆਂ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਸਕੱਤਰੇਤ ਨੇ ਟਵੀਟ ਕੀਤਾ ‘ਉਹ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਆਪਣੀ ਰਾਇ ਦੇਣ ਲਈ ਜਾਣੇ ਜਾਂਦੇ ਸਨ। ਦੇਸ਼ ਨੇ ਇਕ ਉੱਘੇ ਵਕੀਲ, ਬੁੱਧੀਜੀਵੀ ਨੂੰ ਗੁਆ ਦਿੱਤਾ ਹੈ। ਮੋਦੀ ਨੇ ਕਿਹਾ ਕਿ ਜੇਠਮਲਾਨੀ ‘ਹਾਜ਼ਰ ਜਵਾਬ, ਹਿੰਮਤੀ ਤੇ ਕਿਸੇ ਵੀ ਵਿਸ਼ੇ ‘ਤੇ ਖੁੱਲ੍ਹ ਕੇ ਵਿਚਾਰ ਰੱਖਣ ਵਾਲੇ ਸਨ’। ਮੋਦੀ ਨੇ ਕਿਹਾ ਕਿ ਉਨ੍ਹਾਂ ਅਦਾਲਤ ਤੇ ਸੰਸਦ ਦੋਵਾਂ ਥਾਵਾਂ ‘ਤੇ ਲਾਜਵਾਬ ਯੋਗਦਾਨ ਦਿੱਤਾ। ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਕਿਹਾ ਕਿ ਦੇਸ਼ ਨੇ ‘ਬਿਹਤਰੀਨ ਵਕੀਲ’ ਗੁਆ ਦਿੱਤਾ ਹੈ। ਉਹ ਸੰਵੇਦਨਸ਼ੀਲ ਸਨ ਤੇ ਸੰਵਿਧਾਨਕ ਮਾਮਲਿਆਂ ਲਈ ਲੜੇ।

ਜਦ ਜੇਠਮਲਾਨੀ ਨੇ ਭਾਜਪਾ ‘ਤੇ ਮੁਕੱਦਮਾ ਠੋਕ ਹਰਜਾਨਾ ਮੰਗਿਆ
ਰਾਮ ਜੇਠਮਲਾਨੀ ਨੂੰ 2013 ਵਿਚ ‘ਅਨੁਸ਼ਾਸਨ ਭੰਗ ਕਰਨ’ ਤੇ ‘ਪਾਰਟੀ ਵਿਰੋਧੀ’ ਭਾਵਨਾਵਾਂ ਲਈ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਬਾਅਦ ਵਿਚ ਪਾਰਟੀ ‘ਤੇ ਹੀ ਮੁਕੱਦਮਾ ਠੋਕ ਦਿੱਤਾ ਤੇ 50 ਲੱਖ ਰੁਪਏ ਦਾ ਹਰਜਾਨਾ ਮੰਗਿਆ। ਅਮਿਤ ਸ਼ਾਹ ਦੁਆਰਾ ਉਨ੍ਹਾਂ ਨੂੰ ਕੱਢੇ ਜਾਣ ‘ਤੇ ‘ਦੁੱਖ ਜਤਾਉਣ’ ਤੋਂ ਬਾਅਦ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਸੀ। PT

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Awaaz Quamdi

Leave a Reply

Your email address will not be published. Required fields are marked *